Job 21

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ, 2“ਗੌਰ ਨਾਲ ਮੇਰੀ ਗੱਲ ਸੁਣੋ, ਅਤੇ ਇਹੋ ਤੁਹਾਡੀ ਤੱਸਲੀ ਹੋਵੇ । 3ਮੈਨੂੰ ਥੋੜ੍ਹਾ ਸਹਿ ਲਓ ਤਾਂ ਜੋ ਮੈਂ ਬੋਲਾਂ, ਅਤੇ ਮੇਰੇ ਬੋਲਣ ਤੋਂ ਬਾਅਦ ਤੁਸੀਂ ਠੱਠਾ ਕਰਿਓ !

4ਕੀ ਮੈਂ ਕਿਸੇ ਮਨੁੱਖ ਨੂੰ ਸ਼ਿਕਾਇਤ ਕਰਦਾ ਹਾਂ ? ਫੇਰ ਮੇਰਾ ਆਤਮਾ ਬੇਚੈਨ ਕਿਉਂ ਨਾ ਹੋਵੇ ? 5ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ । 6ਜਦ ਮੈਂ ਯਾਦ ਕਰਦਾ ਹਾਂ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ੍ਹ ਲੈਂਦੀ ਹੈ !

7ਦੁਸ਼ਟ ਕਿਉਂ ਜੀਉਂਦੇ ਰਹਿੰਦੇ ਹਨ, ਸਗੋਂ ਬੁੱਢੇ ਵੀ ਹੋ ਜਾਂਦੇ ਅਤੇ ਮਾਲ-ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ ? 8ਉਹਨਾਂ ਦਾ ਵੰਸ਼ ਉਹਨਾਂ ਦੇ ਸਨਮੁਖ, ਅਤੇ ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ ਹੋ ਜਾਂਦੀ ਹੈ । 9ਉਹਨਾਂ ਦੇ ਘਰ ਭੈ ਰਹਿਤ ਅਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਹਨਾਂ ਨੂੰ ਨਹੀਂ ਪੈਂਦਾ ।

10ਉਹਨਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਅਤੇ ਨਾਕਾਮ ਨਹੀਂ ਹੁੰਦਾ, ਉਹਨਾਂ ਦੀਆਂ ਗਾਂਵਾਂ ਸੂੰਦੀਆਂ ਹਨ ਅਤੇ ਉਹਨਾਂ ਦਾ ਗਰਭ ਨਹੀਂ ਡਿੱਗਦਾ । 11ਉਹ ਆਪਣੇ ਨਿਆਣੇ ਇੱਜੜ ਵਾਂਗੂੰ ਬਾਹਰ ਘੱਲਦੇ ਹਨ, ਅਤੇ ਉਹਨਾਂ ਦੇ ਬੱਚੇ ਨੱਚਦੇ ਹਨ । 12ਉਹ ਡੱਫ਼ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ ।

13ਉਹ ਆਪਣੇ ਦਿਨ ਸੁੱਖ ਨਾਲ ਕੱਟਦੇ ਹਨ, ਪਰ ਇੱਕ ਪਲ ਵਿੱਚ ਹੀ ਪਤਾਲ ਨੂੰ ਉਤਰ ਜਾਂਦੇ ਹਨ ! 14ਫੇਰ ਵੀ ਉਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ ! 15ਸਰਬ ਸ਼ਕਤੀਮਾਨ ਕੌਣ ਹੈ ਜੋ ਅਸੀਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਅਸੀਂ ਉਹ ਦੇ ਅੱਗੇ ਬੇਨਤੀ ਕਰੀਏ ?

16ਵੇਖੋ, ਕੀ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਰਹੇ ।

17ਦੁਸ਼ਟਾਂ ਦਾ ਦੀਵਾ ਕਿੰਨੀ ਵਾਰੀ ਬੁੱਝ ਜਾਂਦਾ, ਅਤੇ ਉਹਨਾਂ ਦੀ ਬਿਪਤਾ ਉਹਨਾਂ ਉੱਤੇ ਆ ਪੈਂਦੀ ਹੈ, ਜਦ ਪਰਮੇਸ਼ੁਰ ਕ੍ਰੋਧ ਕਰਕੇ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ । 18ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਗੂੰ ਹਨ, ਅਤੇ ਕੱਖ ਵਾਂਗੂੰ ਹਨ, ਜਿਸ ਨੂੰ ਵਾਵਰੋਲਾ ਉਡਾ ਕੇ ਲੈ ਜਾਂਦਾ ਹੈ ।

19ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਹੀ ਉਸ ਦਾ ਬਦਲਾ ਉਹ ਨੂੰ ਦੇਵੇ ਜੋ ਉਹ ਜਾਣ ਲਵੇ । 20ਉਹ ਦੀਆਂ ਅੱਖਾਂ ਆਪਣੀ ਹੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ । 21ਉਹ ਨੂੰ ਆਪਣੇ ਬਾਅਦ ਆਪਣੇ ਘਰਾਣੇ ਲਈ ਕੀ ਖੁਸ਼ੀ ਹੁੰਦੀ ਹੈ, ਜਦੋਂ ਉਸ ਨੂੰ ਦਿੱਤੇ ਹੋਏ ਮਹੀਨਿਆਂ ਦੀ ਗਿਣਤੀ ਮੁੱਕ ਜਾਂਦੀ ਹੈ ?

22ਕੀ ਕੋਈ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ ? ਉਹ ਤਾਂ ਉੱਚਿਆਂ-ਉੱਚਿਆਂ ਦਾ ਨਿਆਂ ਕਰਦਾ ਹੈ । 23ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਸ ਨੂੰ ਚੈਨ ਸੀ ਅਤੇ ਉਸਦਾ ਸੁੱਖ ਸੰਪੂਰਨ ਸੀ । 24ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ,

25ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁੱਖ ਨਹੀਂ ਭੋਗਦਾ ਹੈ । 26ਉਹ ਦੋਵੇਂ ਮਿੱਟੀ ਵਿੱਚ ਰਲ ਜਾਂਦੇ ਹਨ, ਅਤੇ ਕੀੜੇ ਉਹਨਾਂ ਨੂੰ ਢੱਕ ਲੈਂਦੇ ਹਨ ।

27ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਹਨਾਂ ਜੁਗਤੀਆਂ ਨੂੰ ਵੀ ਜਿਹਨਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ । 28ਤੁਸੀਂ ਤਾਂ ਕਹਿੰਦੇ ਹੋ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਸ ਦੇ ਵਿੱਚ ਦੁਸ਼ਟ ਵੱਸਦੇ ਸਨ ?

29ਕੀ ਤੁਸੀਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਹਨਾਂ ਦੇ ਨਿਸ਼ਾਨਾਂ ਨੂੰ ਨਹੀਂ ਪਹਿਚਾਣਦੇ ਹੋ, 30ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਉਹ ਕਹਿਰ ਦੇ ਦਿਨ ਲਈ ਲਿਆਇਆ ਜਾਂਦਾ ਹੈ ?

31ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ ? 32ਉਹ ਕਬਰ ਵਿੱਚ ਪਹੁੰਚਾਇਆ ਜਾਂਦਾ ਹੈ, ਅਤੇ ਉਹ ਦੀ ਕਬਰ ਉੱਤੇ ਪਹਿਰਾ ਦਿੱਤਾ ਜਾਂਦਾ ਹੈ । 33ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਜਿਵੇਂ ਉਸ ਤੋਂ ਪਹਿਲਾਂ ਅਣਗਿਣਤ ਲੋਕ ਜਾ ਚੁੱਕੇ ਹਨ, ਤਿਵੇਂ ਹੀ ਉਹ ਦੇ ਬਾਅਦ ਦੇ ਸਭ ਮਨੁੱਖ ਵੀ ਚਲੇ ਜਾਣਗੇ ।

ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਪਾਈ ਜਾਂਦੀ ਹੈ ?”

34

Copyright information for PanULB